Short-Cut Via Long Route
Authors : Amrik Singh Bal
Page :
Format : Paper Back
Language : Punjabi
Short-Cut Via Long Route by Amrik Singh Bal Punjabi Others book Online
ਬਾਰਸੀਲੋਨਾ, ਸਪੇਨ ਵਸਦੇ ਲੇਖਕ ਦੋਸਤ ਅਮਰੀਕ ਸਿੰਘ ਬੱਲ ਹੁਰਾਂ ਦੀ ਕਿਤਾਬ ' ਸ਼ੌਰਟ ਕੱਟ ਵਾਇਆ ਲੌਂਗ ਰੂਟ' 2013 ਵਿਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਤੇ 2017 ਵਿਚ ਇਸਦਾ ਦੂਜਾ ਐਡੀਸ਼ਨ ਆ ਗਿਆ ਸੀ। ਲੇਖਕਾਂ 'ਚੋਂ ਮੈਂ ਪਹਿਲੀ ਸਾਂ, ਜਿਸ ਨੂੰ ਅਮਰੀਕ ਜੀ ਨੇ ਪਹਿਲੇ ਐਡੀਸ਼ਨ 'ਚੋਂ ਮਿਲ਼ੀਆਂ ਕਿਤਾਬਾਂ 'ਚੋਂ ਇਕ ਕਾਪੀ ਭੇਜੀ ਸੀ। ਕਿਤਾਬ ਮਿਲ਼ੀ … ਉਸੇ ਰਾਤ ਇੱਕੋ ਸਿਟਿੰਗ 'ਚ ਪੜ੍ਹ ਲਈ ... ਆਪਣੇ ਵਿਚਾਰ ਵੀ ਫ਼ੋਨ 'ਤੇ ਸਾਂਝੇ ਕਰ ਲਏ … ਦੂਜਾ ਸੋਧਿਆ ਹੋਇਆ ਐਡੀਸ਼ਨ ਆਇਆ … ਉਸਦੀ ਕਾਪੀ ਵੀ ਮੇਰੇ ਕੋਲ਼ ਪਹੁੰਚ ਗਈ। ਇਹਨਾਂ ਸਾਲਾਂ 'ਚ ਮੈਂ ਆਪਣੀਆਂ ਹੀ ਮੌਜਾਂ 'ਚ ਸੀ। ਕੁਝ ਨੋਟਸ ਬਣਾਏ … ਸੋਚਿਆ ਜਲਦੀ ਹੀ ਲਿਖਾਂਗੀ, ਪਰ ਉਸ ਦਿਨ ਤੋਂ ਬਾਅਦ ਆਹ ਦਿਨ ਆ ਗਿਆ। ਖ਼ੈਰ! ਅਮਰੀਕ ਨੂੰ ਮੇਰੀ ਗ਼ਾਇਬ ਹੋਣ ਤੇ ਪਰਤ ਆਉਣ ਦੀ ਬੇਨਿਆਜ਼ ਫ਼ਕੀਰਾਨਾ ਤਬੀਅਤ ਬਾਰੇ ਸਭ ਕੁਝ ਪਤਾ ਹੈ ... ਉਸ ਨੇ ਕਦੇ ਸ਼ਿਕਾਇਤ ਨਹੀਂ ਕੀਤੀ।ਉਹ ਅਕਸਰ ਹਲਕਾ ਜਿਹਾ ਹੱਸ ਕੇ ਆਖ ਦਿੰਦੈ … ਤਨਦੀਪ ਜੀ! ਤੁਹਾਡੀਆਂ ਤੁਸੀਂ ਹੀ ਜਾਣੋ! ਇਕ ਤਾਂ ਹਿਜਰਤ ਕਰਮਾਂ 'ਚ ਵੀ ਲਿਖੀ ਹੁੰਦੀ ਹੈ … ਦੂਜਾ ਪਰਦੇਸ ਜਾ ਕੇ ਵਸਣ ਦਾ ਪੰਜਾਬੀਆਂ ਨੂੰ ਸਦਾ ਚਾਅ ਜਿਹਾ ਵੀ ਰਿਹਾ ਹੈ। ਬਾਸਿਲਸਿਲਾ ਰੋਜ਼ਗਾਰ ਚੰਗੇ ਭਵਿੱਖ ਦੀ ਆਸ 'ਚ ਕਿਤਾਬ ਦੇ ਲੇਖਕ ਅਮਰੀਕ ਨੇ ਘਰੋਂ ਪੈਰ ਪੁੱਟਦਿਆਂ ਕਦੇ ਸੋਚਿਆ ਨਹੀਂ ਹੋਣਾ ਕਿ ਖ਼ਾਬ, ਅਜ਼ਾਬ ਬਣ ਜਾਣਗੇ।ਭੇਜਣ ਤੋਂ ਪਹਿਲਾਂ ਘਰ ਵਾਲ਼ੇ ਵੀ ਸੋਚਦੇ ਹਨ ਕਿ ਮੁੰਡਾ ਬਾਹਰ ਚਲਿਆ ਜਾਵੇ, ਡਾਲਰ-ਪੌਂਡਾਂ ਦੀ ਤਾਂ ਬਾਰਿਸ਼ ਹੋਣ ਲੱਗ ਜਾਣੀ ਹੈ। ਉਸ ਵਕ਼ਤ ਜਮ੍ਹਾ-ਘਟਾਓ ਦੇ ਸਾਰੇ ਅਣਦੇਖੇ, ਅਣਸੁਣੇ ਪਹਿਲੂਆਂ ਬਾਰੇ ਕੌਣ ਸੋਚਦਾ ਹੈ ਭਲਾ? ਆਹ! ਇਹ ਖ਼ਾਬਾਂ ਦੇ ਤਾਣੇ-ਬਾਣੇ … ਹਰ ਨੌਜਵਾਨ ਵਾਂਗ ਬਾਹਰਲੇ ਮੁਲਕ ਦੀ ਜ਼ਿੰਦਗੀ ਨੂੰ ਆਈਡਿਆਲਾਈਜ਼ ਕਰਦਾ ਉਲ਼ਝਿਆ-ਉਲ਼ਝਿਆ ਅਮਰੀਕ! ਤੇ ਏਜੰਟਾਂ ਦੀ ਮਨਸੂਬਾਬੰਦੀ … ਨਤੀਜਾ ਅਫ਼ਰੀਕਾ ਦੇ ਇਕ ਘਟੀਆ ਦੇ ਦੇਸ 'ਚ ਫ਼ਲਾਈਟ ਉੱਤਰਨ ਤੋਂ ਸ਼ੁਰੂ ਹੁੰਦਾ ਮੁਸੀਬਤਾਂ, ਕਹਿਰਾਂ ਤੇ ਜ਼ੁਲਮਾਂ ਦਾ ਸਿਲਸਿਲਾ … ਸ਼ਬਦਾਂ 'ਚ ਲਿਖਣਾ ਸੌਖਾ … ਤਨ, ਮਨ, ਰੂਹ 'ਤੇ ਹੰਢਾਉਣਾ ਔਖਾ! ਬਾਹਰਲੇ ਮੁਲਕ ਦੀ ਸਹੂਲਤਾਂ ਭਰੀ ਖ਼ੂਬਸੂਰਤ ਰੰਗੀਨ ਜ਼ਿੰਦਗੀ ਦੇ ਸੁਫ਼ਨੇ 'ਤੇ ਕੋਈ ਬੁੱਕਾਂ ਭਰ-ਭਰ ਰੇਤ ਡੋਲ੍ਹ ਹੀ ਨਹੀਂ ਗਿਆ … ਲੇਖਕ ਨੂੰ ਵੀ ਕਿਤੇ ਡੂੰਘਾ ਦਫ਼ਨਾਉਣ ਦੀ ਕੋਸ਼ਿਸ਼ ਨਹੀਂ ਛੱਡੀ ਗਈ। ਸੰਨ 2002 'ਚ ਮੈਂ ਯੂਰਪ ਦੇ ਕਈ ਮੁਲਕਾਂ ਦੀ ਯਾਤਰਾ ਕੀਤੀ ਸੀ। ਫ਼ਰਾਂਸ ਦਾ ਇਕ ਮਹਿਲ ਵੇਖਣ ਗਏ … ਉੱਥੇ ਕੁਝ ਬੰਦੇ ਪੂਰੇ ਸਰੀਰ 'ਤੇ ਲੇਪ ਲਾ ਕੇ ਅਹਿੱਲ ਬੁੱਤ ਬਣ ਕੇ ਬੈਠੇ ਸਨ … ਕੋਲ਼ ਜਾ ਕੇ ਫ਼ੋਟੋ ਖਿੱਚਣ ਲੱਗੀ … ਇਕ ਬੁੱਤ ਪੰਜਾਬੀ 'ਚ ਬੋਲ ਪਿਆ … ਭੈਣ ਜੀ ਸਤਿ ਸ੍ਰੀ ਅਕਾਲ! ਤੁਸੀਂ ਪੰਜਾਬੀ ਹੋ? ਕੈਨੇਡਾ ਤੋਂ ਆਏ ਹੋ? ਮੇਰੇ ਬੈਗ 'ਤੇ ਕੈਨੇਡਾ ਦਾ ਲੋਗੋ ਉਸਨੇ ਦੇਖ ਲਿਆ ਸੀ। ਮੇਰੀ ਹੈਰਾਨੀ ਵੇਖ ਕੇ … ਮੁੰਡਾ ਬੋਲ ਉੱਠਿਆ .. ਭੈਣ! ਮੈਂ ਕਈ ਦਿਨਾਂ ਦੀ ਰੋਟੀ ਨਹੀਂ ਖਾਧੀ … ਏਥੇ ਪੱਕਾ ਨਹੀਂ ਹਾਂ … ਕੰਮ ਵੀ ਨਹੀਂ ਹੈ ... ਸੋ ਏਥੇ ਸਵਾਂਗ ਬਣ ਕੇ ਖੜ੍ਹ ਜਾਨਾਂ … ਜੇ ਕੋਈ ਕੁਝ ਦੇ ਜਾਂਦਾ … ਖਾ ਲੈਨਾਂ ... ਨਹੀਂ ਭੁੱਖੇ ਸੌਣਾ ਪੈਂਦਾ … ਮੇਰੇ ਘਰਦਿਆਂ ਨੂੰ ਮੇਰੇ ਜਿਊਂਦੇ-ਮਰੇ ਹੋਣ ਦੀ ਕੋਈ ਖ਼ਬਰ ਨਹੀਂ … ਉਸਦੀਆਂ ਅੱਖਾਂ 'ਚ ਹੰਝੂ ਆ ਗਏ … ਮੇਕ-ਅੱਪ ਖ਼ਰਾਬ ਹੋਣ ਦੇ ਡਰੋਂ ਉਹਨੇ ਝੱਟ ਪੂੰਝ ਲਏ। ਮੈਂ ਪਰਸ 'ਚੋਂ ਸੌ ਡਾਲਰ ਕੱਢ ਕੇ ਦੇ ਦਿੱਤੇ … ਕਿਉਂਕਿ ਉਹ 'ਕੱਲਾ ਨਹੀਂ ਸੀ … ਉਸਦੇ ਨਾਲ਼ ੫-੬ ਸਾਥੀ ਹੋਰ ਵੀ ਸਨ … ਯਕੀਨਨ ਸਾਰਿਆਂ ਦਾ ਇਹੀ ਹਾਲ ਹੋਵੇਗਾ। ਮੈਂ ਬੁੱਤਾਂ ਦੇ ਹੰਝੂ ਸਿੰਮਦੇ ਵੇਖੇ ਸਨ … ਅਧੂਰੀ ਹਿਜਰਤ ਦੀ ਕਹਾਣੀ ਸੁਣੀ ਸੀ। ਅਮਰੀਕ ਦੀ ਕਿਤਾਬ 'ਚੋਂ ਉਸਦਾ ਚਿਹਰਾ ਤੇ ਰੂਹ ਬੋਲਦੇ ਸਨ ... ਮੈਂ ਸਾਰੀ ਰਾਤ ਸੁਣੀ ਗਈ .. ਬੁੱਤਾਂ ਨੇ ਮੇਰੇ ਦੁਆਲ਼ੇ ਫੇਰ ਘੇਰਾ ਪਾ ਲਿਆ … ਸਾਰੀ ਰਾਤ ਸੌਂ ਨਾ ਸਕੀ। ਮੁਨੀਰ ਨਿਆਜ਼ੀ ਲਿਖਦੇ ਨੇ ਇਕ ਔਰ ਦਰੀਆ ਕਾ ਸਾਮਨਾ ਥਾ 'ਮੁਨੀਰ' ਮੁਝ ਕੋ ਅਹਿਸਾਸ ਕਦੇ ਲਤੀਫ਼ਿਆਂ 'ਚ ਬਿਆਨ ਨਹੀਂ ਹੁੰਦੇ … ਇਹਨਾਂ ਨੂੰ ਸੰਜੀਦਾ ਸ਼ਬਦਾਂ ਤੇ ਰਹਿਮ-ਦਿਲ ਦੋਸਤਾਂ ਦੀ ਹੀ ਤਲਾਸ਼ ਹੁੰਦੀ ਹੈ।ਕਿਤਾਬ ਪੜ੍ਹਨ ਉਪਰੰਤ ਮੈਂ ਕਈ ਤਰ੍ਹਾਂ ਦੀ ਕਸ਼ਮਕਸ਼ ਦੀ ਸ਼ਿਕਾਰ ਹੋਈ ਤੇ ਹਜ਼ਾਰਾਂ ਸਵਾਲਾਂ ਨੇ ਸੂਖਮ ਮਨ ਨੂੰ ਘੇਰ ਲਿਆ। ਜਦੋਂ ਉਹ ਏਜੰਟਾਂ ਦੇ ਕੈਦ ਵਿਚ ਸੀ, ਪਿੱਛੇ ਘਰ ਵਾਲ਼ਿਆਂ 'ਤੇ ਕੀ ਬੀਤਦੀ ਹੋਊ? ਜਦੋਂ ਉਹ ਅਫ਼ਰੀਕਾ ਦੇ ਰੇਗਿਸਤਾਨੀ ਇਲਾਕਿਆਂ 'ਚ ਧਾਹਾਂ ਮਾਰਦਾ ਹੋਊ, ਘਰ ਦੇ ਕਮਰੇ ਦਾ ਬੂਹਾ ਬੰਦ ਕਰਕੇ ਰੋਂਦੇ ਹੋਣਗੇ? ਹਰ ਸੂਰਤ 'ਚ ਏਜੰਟ ਫ਼ਾਇਦਾ ਲੈ ਚੁੱਕੇ ਸਨ। ਕਿਤਾਬ ਤਾਂ ਇਕ ਪਾਸੇ, ਬਹੁਤ ਕੁਝ ਅਣਲਿਖਿਆ ਮੈਂ ਅਮਰੀਕ ਦੀ ਜ਼ੁਬਾਨੀ ਵੀ ਸੁਣ ਚੁੱਕੀ ਹਾਂ। ਕਿਸੇ ਅਰਬਪਤੀ ਸ਼ੇਖ਼ ਨੇ ਦੁਬਈ 'ਚ ਮਸਨੂਈ ਕੈਰੇਬੀਅਨ ਦੇ ਜੰਗਲ਼ ਦਾ ਮਾਹੌਲ, ਮਸਨੂਈ ਮਾਨਸੂਨ, ਮਸਨੂਈ ਬਰਫ਼ਬਾਰੀ ਦਾ ਮਾਹੌਲ ਚਾਹੇ ਲੱਖ ਤਿਆਰ ਕਰ ਲਿਆ ਹੋਵੇ, ਜੋ ਦਰਦ ਏਜੰਟਾਂ ਹੱਥੋਂ ਬਾਹਰਲੇ ਮੁਲਕ ਦੇ ਨਾਂ 'ਤੇ ਅਮਰੀਕ ਵਰਗੇ ਹੋਰ ਲੱਖਾਂ ਨੌਜਵਾਨਾਂ ਨੇ ਝੱਲਿਆ ਹੈ … ਉਸ ਦੀ ਮਸਨੂਈ ਪੇਸ਼ਕਸ਼ ਕਿੰਞ ਤਿਆਰ ਕਰਾਂਗੇ? ਇਹ ਆਪ-ਬੀਤੀ … ਅਫ਼ਰੀਕਨ ਰੇਗਿਸਤਾਨ ਦੇ ਕਣ-ਕਣ 'ਚ ਮਾਸੂਮ ਨੌਜਵਾਨਾਂ ਦੇ ਪਸੀਨੇ ਤੇ ਰੱਤ ਨਾਲ਼ ਰਚ ਚੁੱਕੀ ਹੈ। ਉਸਨੇ ਪੈਰਾਂ ਨਾਲ਼ ਸਫ਼ਰ ਸ਼ੁਰੂ ਕੀਤਾ ਤੇ ਉਸਦੇ ਹੱਥ ਅੱਜ ਤਕ ਇਸਨੂੰ ਪੂਰਾ ਲਿਖ ਨਹੀਂ ਸਕੇ। ਕਿਤਾਬ ਨੂੰ ਰੌਚਕ ਆਖਣਾ … ਉਸਦੇ ਜ਼ਖ਼ਮਾਂ ਤੇ ਜਜ਼ਬਾਤ 'ਤੇ ਤੇਜ਼ਾਬ ਦਾ ਫ਼ੰਬਾ ਰੱਖਣਾ ਹੋਵੇਗਾ … ਉਸਨੇ ਕਿਤਾਬ ਖ਼ਾਤਿਰ ਹਿਜਰਤ ਨਹੀਂ ਸੀ ਕੀਤੀ … ਕਿਤਾਬ ਤਾਂ ਉਸ ਕੋਲ਼ੋਂ ਬਾਅਦ ਦੀਆਂ ਖ਼ੌਫ਼ਨਾਕ ਰਾਤਾਂ ਦੇ ਉਨੀਂਦਰੇ ਨੇ ਲਿਖਵਾ ਦਿੱਤੀ … ਥਾਂ-ਥਾਂ ਗਦ-ਕਵਿਤਾ ਨਾਲ਼ ਲਬਰੇਜ਼ ਉਸਦੀ ਵਾਰਤਕ ਪੜ੍ਹਦਿਆਂ ਏਜੰਟਾਂ ਦੇ ਜ਼ੁਲਮਾਂ ਤੋਂ ਰਾਹਤ ਮਹਿਸੂਸ ਹੁੰਦੀ ਹੈ … ਖ਼ੂਬਸੂਰਤ ਨਸਰ ਦੇ ਅਨੇਕਾਂ ਹਵਾਲੇ ਪੇਸ਼ ਕੀਤੇ ਜਾ ਸਕਦੇ ਹਨ। ਡਿਕਸ਼ਨ 'ਚ ਉਰਦੂ ਦੇ ਕਈ ਐਸੇ ਸ਼ਬਦਾਂ ਦਾ ਪ੍ਰਯੋਗ ਹੈ, ਜੋ ਆਮ ਪਾਠਕ ਨੂੰ ਝੁੰਜਲ਼ਾਅ ਦਿੰਦਾ ਹੈ। ਇਸ ਬਾਬਤ ਮੇਰੀ ਉਸ ਨਾਲ਼ ਖੁੱਲ੍ਹ ਕੇ ਗੱਲ ਵੀ ਹੋਈ ਸੀ ਤੇ ਸ਼ਾਇਦ ਨਵੇਂ ਐਡੀਸ਼ਨ 'ਚ ਸੋਧ ਕੀਤੀ ਵੀ ਗਈ ਹੈ। ਇਸ ਨੂੰ ਸਫ਼ਰਨਾਮਾ ਨਾ ਆਖੋ, ਇਹ ਆਪ-ਬੀਤੀ ਹੈ ... ਹੱਡ-ਹੰਢਾਈ ਹੈ। ਇਹ ਕਿਤਾਬ ਭਾਰਤ ਜਾਂ ਕਿਸੇ ਵੀ ਮੁਲਕ ਤੋਂ ਸੁਫ਼ਨੇ ਪਿਰੋਅ ਕੇ ਤੁਰਨ ਵਾਲ਼ੇ ਹਰ ਨੌਜਵਾਨ ਨੂੰ ਪੜ੍ਹਨੀ ਚਾਹੀਦੀ ਹੈ ਤਾਂ ਜੋ ਹਾਦਸੇ ਘਟ ਸਕਣ। ਪਿਛਲਿਆਂ ਨੂੰ ਸਿਰਹਾਣਿਆਂ ਹੇਠ ਮੂੰਹ ਦੇ ਕੇ ਲੁਕ-ਛੁਪ ਰੋਣਾ ਨਾ ਪਵੇ, ਏਜੰਟਾਂ ਦੇ ਜਬਾੜਿਆਂ ਹੇਠ ਫਸੇ ਨੌਜਵਾਨਾਂ ਨੂੰ ਪਲ-ਪਲ ਦੇ ਸਾਹ ਲਈ, ਜੀਵਨ ਲਈ ਤਰਸਣਾ ਨਾ ਪਵੇ। ਕਿਤਾਬ ਦਾ ਸਾਰਾ ਨਕਸ਼ਾ, ਸੰਰਚਨਾ, ਪਰਯੋਜਨ ਸਭ ਕਲਾਤਮਿਕ ਢੰਗ ਨਾਲ ਐਨ ਸਿਲਸਿਲੇਵਾਰ ਰੱਖੇ ਗਏ ਹਨ ਤੇ ਚਰਮ ਸੀਮਾ ਤਕ ਪਹੁੰਚਦਿਆਂ ਪਾਠਕ ਨੂੰ ਕਿਤਾਬ ਅਧੂਰੀ ਛੱਡ ਕੇ ਉੱਠਣ ਦਾ ਮੌਕਾ ਨਹੀਂ ਦਿੰਦੇ। ਇਹੀ ਅਮਰੀਕ ਵਰਗੇ ਸਿਰਜਣਾਤਮਕ ਲੇਖਕ ਦਾ ਹਾਸਿਲ ਹੈ ਕਿ ਬਹੁਤ ਵਾਰ ਘਟਨਾਵਾਂ ਦਾ ਆਪਸੀ ਤਾਲਮੇਲ ਦੁਹਰਾਏ ਜਾਣ ਦੇ ਬਾਵਜੂਦ ਨੀਰਸ ਨਹੀਂ ਹੋਇਆ ਤੇ ਭਾਵ ਹੋਰ ਗੂੜ੍ਹੇ ਹੋ ਕੇ ਤੇ ਨਿੱਖਰ ਕੇ ਸਾਹਮਣੇ ਆਏ ਹਨ। ਨਾਲ਼ ਹੀ ਲੇਖਕ ਦੀ ਸ਼ਖ਼ਸੀਅਤ ਅਤੇ ਪ੍ਰਵਿਰਤੀ ਦੋਵੇਂ ਬਹੁਤ ਸਪੱਸ਼ਟ ਰੂਪ 'ਚ ਪੇਸ਼ ਹੋਏ ਹਨ। ਉਹ ਕਿਤਾਬ ਦੇ ਵਿਸ਼ੇ ਤੇ ਪਾਠਕਾਂ ਪ੍ਰਤੀ ਬਹੁਤ ਚੇਤੰਨ ਹੈ ... ਯਕੀਨਨ ਉਸਨੇ ਹੱਥ-ਲਿਖਤ ਨੂੰ ਬਹੁਤ ਵਾਰ ਪੜ੍ਹਿਆ ਤੇ ਸੋਧਿਆ ਹੋਵੇਗਾ। ਬਹੁਤ ਜਗ੍ਹਾ ਉਹ ਬਿਆਨ ਦੀ ਸਾਦਗੀ ਤੋਂ ਇਕਦਮ ਦਾਰਸ਼ਨਿਕ ਰਵੱਈਆ ਇਖ਼ਤਿਆਰ ਕਰ ਲੈਂਦਾ ਹੈ। ਮੈਂ ਦੋਸਤ ਅਮਰੀਕ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ ਜਿਸਨੇ ਆਪਣੀ ਹੱਡ-ਬੀਤੀ ਨੂੰ ਸ਼ਬਦਾਂ 'ਚ ਲਿਖ ਕੇ ਪਾਠਕਾਂ ਤਕ ਹੀ ਨਹੀਂ ਪਹੁੰਚਾਇਆ ਸਗੋਂ ਅਣਲਿਖੀ ਤਵੀਲ ਦਾਸਤਾਨ ਮੇਰੇ ਨਾਲ਼ ਸਾਂਝ ਵੀ ਕੀਤੀ ਹੈ … ਅੱਜ-ਕੱਲ੍ਹ ਉਹ ਨਾਵਲ ਲਿਖ ਰਿਹੈ … ਤੇ ਹਾਂ! ਸਾਨੀ ਕਰਤਾਰਪੁਰੀ ਦੇ ਸ਼ਾਇਰੀ ਮਜਮੂਏ ਦਾ ਵੀ ... ਮੈਨੂੰ ਬੇਸਬਰੀ ਨਾਲ਼ ਇੰਤਜ਼ਾਰ ਹੈ। ਅਸਲਮ ਕੌਲਸਰੀ ਦੇ ਇਕ ਸ਼ਿਅਰ ਨਾਲ਼ … ਅਮਰੀਕ ਨੂੰ ਢੇਰ ਮੁਬਾਰਕਾਂ ਸ਼ਹਿਰ ਮੇਂ ਆ ਕਰ ਪੜ੍ਹਨੇ ਵਾਲੇ ਭੂਲ ਗਏ ਕਿਤਾਬ ਦਾ ਪਹਿਲਾ ਐਡੀਸ਼ਨ ਲੋਕਗੀਤ ਨੇ ਤੇ ਦੂਜਾ ਗਰੇਸ਼ੀਅਸ ਬੁੱਕਸ ਪਟਿਆਲਾ ਤੇ ਤੀਜਾ ਪੀਪਲਜ਼ ਫ਼ੋਰਮ ਨੇ ਛਾਪਿਆ ਹੈ। ਮੁੱਲ ੨੫੦ ਰੁਪਏ, ਕੁੱਲ ਸਫ਼ੇ ੩੦੦ ਹਨ। |
- Availability: In Stock
- Model: 1-1326-P4790