Description
ਭਗਤ ਸਿੰਘ ਦੀ ਸ਼ਖ਼ਸੀਅਤ ਦੇ ਦੋ ਪੱਖ ਹਨ। ਇਕ,ਉਹ ਭਾਰਤੀ ਰਾਸ਼ਟਰਵਾਦ ਦਾ ਸ਼ਕਤੀਵਰ ਚਿੰਨ੍ਹ (ਪੋਟੲਨਟ ਸੇਮਬੋਲ) ਹੈ, ਦੂਜਾ ਉਹ ਬਗ਼ਾਵਤ ਦਾ ਪ੍ਰੇਰਨਾਮਈ ਪ੍ਰਤੀਕ ਹੈ। ਪ੍ਰੰਤੂ ਅਜੋਕੇ ਸਮੇਂ ਅੰਦਰ ਉਸ ਦੇ ਨਾਂ ਦੀ ਵਰਤੋਂ ਜ਼ਿਆਦਾਤਰ ਸਥਾਪਤੀ ਦੇ ਪੱਖ ਵਿਚ ਹੋ ਰਹੀ ਹੈ। ਕੁੱਝ ਕੁ ਲੋਕਾਂ ਨੇ ਉਸ ਦੀਆਂ ਜੀਵਨੀਆਂ ਨਿੱਜੀ ਪ੍ਰੇਰਨਾ ਅਧੀਨ ਵੀ ਲਿਖੀਆਂ ਹਨ, ਪਰ ਜ਼ਿਆਦਾਤਰ ਉਸ ਦੀਆਂ ਜੀਵਨੀਆਂ ਸਰਕਾਰੀ ਪੱਧਰ ‘ਤੇ ਲਿਖੀਆਂ/ਲਿਖਵਾਈਆਂ ਗਈਆਂ ਹਨ। ਇਨ੍ਹਾਂ ਪਿੱਛੇ ਮੌਕੇ ਦਾ ਰਾਜਸੀ ਸੁਆਰਥ ਕੰਮ ਕਰਦਾ ਹੈ। ਇਹ ਗੱਲ ਤਾਂ ਸੰਭਵ ਹੈ ਕਿ ਕੋਈ ਲੇਖਕ ਅਨਜਾਣਪੁਣੇ ਵਿਚ ਸਥਾਪਤੀ ਦਾ ਹੱਥ-ਠੋਕਾ ਬਣ ਗਿਆ ਹੋਵੇ, ਇਹ ਗੱਲ ਸੰਭਵ ਹੈ ਕਿ ਲਿਖਣ ਵਾਲੇ ਨੂੰ ਪਤਾ ਨਾ ਹੋਵੇ, ਪਰ ਇਹ ਸੰਭਵ ਨਹੀਂ ਕਿ ਲਿਖਵਾਉਣ ਵਾਲਿਆਂ ਨੂੰ ਇਸ ਗੱਲ ਦਾ ਪਤਾ ਨਾ ਹੋਵੇ।
ਭਗਤ ਸਿੰਘ ਦੀ ਸ਼ਹਾਦਤ ਤੇ ਕੁਰਬਾਨੀ ਤੋਂ ਪ੍ਰੇਰਣਾ ਲੈਣੀ ਇਕ ਗੱਲ ਹੈ, ਪਰ ਅਜੋਕੇ ਰਾਜਸੀ ਪ੍ਰਸੰਗ ਅੰਦਰ ਉਸ ਦੀ ਵਿਚਾਰਧਾਰਾ ਨੂੰ ਅਪਨਾਉਣਾ ਤੇ ਅਮਲ ਵਿਚ ਲਿਆਉਣਾ ਬਿਲਕੁਲ ਵੱਖਰੀ ਗੱਲ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ ਭਾਰਤ ਦੇ ਮੌਜੂਦਾ ਪ੍ਰਸੰਗ ਅੰਦਰ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਅੰਦਰ ਵਿਨਾਸ਼ਕਾਰੀ ਨਤੀਜਿਆਂ ਨੂੰ ਜਨਮ ਦੇਣ ਦੀਆਂ ਪਰਬਲ ਸੰਭਾਵਨਾਵਾਂ ਲੁਪਤ ਹਨ। ਕਾਰਨ ਇਹ ਹੈ ਕਿ ਅਜੋਕੇ ਸਮੇਂ ਵਿਚ ਇਸ ਵਿਚਾਰਧਾਰਾ ਨੇ ਸਰਕਾਰੀ ਵਿਚਾਰਧਾਰਾ ਦਾ ਰੁਤਬਾ ਗ੍ਰਹਿਣ ਕਰ ਲਿਆ ਹੈ।
ਪੰਜਾਬ ਦੀਆਂ ਖੱਬੇਪੱਖੀ ਤਾਕਤਾਂ, ਮੌਜੂਦਾ ਸਮੇਂ, ਇਸ ਸਰਕਾਰੀ ਵਿਚਾਰਧਾਰਾ (ਰਾਸ਼ਟਰਵਾਦ) ਨੂੰ ਚੁਣੌਤੀ ਦੇਣ ਦੀ ਥਾਵੇਂ, ਇਸ ਦੀਆਂ ਢੰਡੋਰਚੀ ਬਣੀਆਂ ਹੋਈਆਂ ਹਨ। ਸਮੇਂ ਦੇ ਨਾਲ ਉਨ੍ਹਾਂ ਅੰਦਰੋਂ ਇਨਕਲਾਬੀ ਕਣ ਖ਼ਤਮ ਹੋ ਗਿਆ ਹੈ। ਪੰਜ ਛੇ ਦਹਾਕੇ ਪਹਿਲਾਂ ਉਨ੍ਹਾਂ ਅੰਦਰ ਭਗਤ ਸਿੰਘ ਦੀ ਸੂਰਮਗਤੀ ਤੋਂ ਉਤਸ਼ਾਹ ਤੇ ਪ੍ਰੇਰਣਾ ਲੈਣ ਦਾ ਥੋੜ੍ਹਾ ਬਹੁਤਾ ਇਨਕਲਾਬੀ ਜਜ਼ਬਾ ਸੀ। ਪਰ ਹੁਣ ਉਨ੍ਹਾਂ ਦੇ ਵੱਡੇ ਹਿਸਿਆਂ ਅੰਦਰ ਇਹ ਜਜ਼ਬਾ ਅਲੋਪ ਹੋ ਗਿਆ ਹੈ। ਇਸ ਕਰਕੇ ਹੁਣ ਉਹ ਕੇਵਲ ਭਗਤ ਸਿੰਘ ਦਾ ਨਾਮ ਜਪ ਸਕਦੇ ਹਨ, ਪਰ ਉਹ ਹੁਣ ਉਸ ਦੀ ਬਾਗ਼ੀਆਨਾ ਤਬੀਅਤ ਤੇ ਸਪਿਰਟ ਤੋਂ ਪ੍ਰੇਰਣਾ ਲੈ ਕੇ ਭਾਰਤੀ ਰਾਜ ਦੇ ਖਿਲਾਫ਼ ਇਨਕਲਾਬੀ ਲੜਾਈ ਨਹੀਂ ਲੜ ਸਕਦੇ।









Reviews
There are no reviews yet.